ਦੁਨੀਆਂ ਦੇ ਵਿੱਚ ਤਿੰਨ ਧੜੇ ਨੇ
ਬਿਰਖ, ਕਲਮਾਂ ਤੇ ਕੁਰਸੀਆਂ।
ਇੱਕ ਦੂਜੇ ਆਸਰੇ ਖੜੇ ਨੇ
ਬਿਰਖ, ਕਲਮਾਂ ਤੇ ਕੁਰਸੀਆਂ।
ਇੱਕ ਦੂਜੇ ਦੇ ਅੰਦਰ ਵੜੇ ਨੇ
ਬਿਰਖ ,ਕਲਮਾਂ ਤੇ ਕੁਰਸੀਆਂ।
ਇਕੱਠੇ ,ਤਾਂ ਵੀ ਜੁæਦਾ ਖੜੇ ਨੇ
ਬਿਰਖ, ਕਲਮਾਂ ਤੇ ਕੁਰਸੀਆਂ।
ਬਿਰਖ, ਧਰਮ ਨਿਭਾਉਂਦੇ ਆਪਣਾ ਮੌਨ ਖੜੇ,
ਡਾਕੂ ਹੋਵੇ ਸਾਧੂ ਹੋਵੇ ਜੋ ਵੀ ਛਾਂਵੇ ਆ ਜਾਵੇ
ਓਸ ਤਾਂਈਂ ਠੰਢਕ ਪਹੁੰਚਾਉਂਦੇ।
ਕਈ ਬਿਰਖ ਕਲਮਾਂ ਤੋਂ ਬਣਦੇ,
ਕਈ ਬਿਰਖਾਂ ਤੋਂ ਬਣਦੀਆਂ ਕਲਮਾਂ ।
ਕਈ ਬਿਰਖਾਂ ਤੋਂ ਬਣੀਆਂ ਕਲਮਾਂ
ਮੁੜ ਅੱਗੇ ਜਾਂ ਬਿਰਖ ਬਣਦੀਆਂ ।
ਬਿਰਖਾਂ ਦੀ ਠੰਡਕ ਨਾ ਵਿਸਰਦੀਆਂ
ਬਿਰਖਾਂ ਖਾਤਿਰ ਲੜਦੀਆਂ ਮਰਦੀਆਂ ਨਾ ਡਰਦੀਆਂ।
ਸਭ ਬਿਰਖਾਂ ਦੀ ਲੋਚਾ ਹੁੰਦੀ ਕਲਮਾਂ ਬਣੀਏ ,ਤਖਤੀ ਬਣੀਏ;
ਤਖਤ ਨਾ ਬਣੀਏ ,ਤਖਤਾ ਨਾ ਬਣੀਏ।
ਸਭ ਬਿਰਖਾਂ ਦੀ ਮਨਸ਼ਾ ਹੁੰਦੀ ਬੂਹੇ ਬਣੀਏ,
ਬਣੀਏ ਥਿੰਦੀਆਂ ਦਹਿਲੀਜ਼ਾਂ ,ਖਿੜਕੀ ਬਣੀਏ
ਪਰ ਫਾਹੀ ਨਾ ਬਣੀਏ।
ਸਭ ਬਿਰਖਾਂ ਦੀ ਲੋਚਾ ਹੁੰਦੀ ਪੰਘੂੜਾ ਬਣੀਏ ,
ਡੋਲੀ ਬਣੀਏ,
ਸਿੜ੍ਹੀ ਨਾ ਬਣੀਏ, ਮੜ੍ਹੀ ਨਾ ਬਣੀਏ।
ਪਰ ਹੋਣੀ ,ਕਿਸਮਤ, ਕੁਝ ਵੀ ਆਖੋ,
ਜਦ ਬਿਰਖਾਂ ਚੋਂ ਕੁਰਸੀਆਂ ਅੱਜਕੱਲ ਜਨਮ ਲੈਂਦੀਆਂ ।
ਤਖ਼ਤਾਂ, ਤਖਤਿਆ
ਫਾਹੀਆਂ ਸਿੜ੍ਹੀਆਂ ,ਮੜ੍ਹੀਆਂ ਦੀ ਲੁੱਢੀ ਪੈਂਦੀ।
Subscribe to:
Post Comments (Atom)
0 comments:
Post a Comment